Hits: 2416

ਇਕਾਈ ਖਰੜ ਨੇ ਚੁਣੀ ਤਰਕਸ਼ੀਲ ਕਾਮਿਆਂ ਦੀ ਟੀਮ

 ਖਰੜ 8 ਅਪ੍ਰੈਲ 2019 (ਕੁਲਵਿੰਦਰ ਨਗਾਰੀ): ਅੰਧਵਿਸ਼ਵਾਸਾਂ ਖਿਲਾਫ ਵਿਗਿਆਨਿਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਜੋਨਲ ਆਗੂ ਸਲਿੰਦਰ ਸੁਹਾਲ਼ੀ ਦੀ ਦੇਖ-ਰੇਖ ਵਿੱਚ ਦੋ-ਸਾਲਾ ਸ਼ੈਸਨ 2019-2021 ਵਾਸਤੇ ਵਿਭਾਗ ਮੁਖੀਆਂ ਦੀ ਚੋਣ ਕੀਤੀ

ਗਈ. ਜਿਸ ਵਿੱਚ ਸਾਰੇ ਮੈਂਬਰਾਂ ਦੁਆਰਾ ਸਰਬਸੰਮਤੀ ਨਾਲ ਕਰਮਜੀਤ ਸਕਰੁੱਲਾਂਪੁਰੀ ਨੂੰ ਜਥੇਬੰਦਕ ਮੁਖੀ, ਮਾਸਟਰ ਜਰਨੈਲ ਸਹੌੜਾਂ ਨੂੰ ਵਿੱਤ ਵਿਭਾਗ ਮੁਖੀ, ਕੁਲਵਿੰਦਰ ਨਗਾਰੀ ਨੂੰ ਮੀਡੀਆ ਮੁਖੀ, ਸੁਜਾਨ ਬਡਾਲ਼ਾ ਨੂੰ ਸੱਭਿਆਚਾਰਕ ਵਿਭਾਗ ਮੁਖੀ, ਸੁਰਿੰਦਰ ਸਿੰਬਲ਼ਮਾਜਰਾ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਚੁਣਿਆ ਗਿਆ. ਜ਼ੋਨ ਵੱਲੋਂ ਚੋਣ ਆਬਜ਼ਰਬਰ ਦੇ ਤੌਰ 'ਤੇ ਪੁੱਜੇ ਸਲਿੰਦਰ ਸੁਹਾਲ਼ੀ ਨੇ ਨਵੇਂ ਚੁਣੇ ਗਏ ਵਿਭਾਗ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦੀਆਂ ਆਹੁਦੇਦਾਰੀਆਂ ਕਿਸੇ ਲਾਲਚ ਜਾਂ ਰੋਅਬ-ਦਾਬ ਵਾਸਤੇ ਨਹੀਂ ਹੁੰਦੀਆਂ. ਇਥੇ ਆਹੁਦੇ ਦਾ ਮਤਲਬ ਹੈ ਦੁਜਿਆਂ ਦੇ ਮੁਕਾਬਲੇ ਵੱਧ ਜਿੰਮੇਵਾਰੀ ਅਤੇ ਜਿਆਦਾ ਕੰਮ ਕਰਨਾ.

ਚੋਣ ਤੋਂ ਪਹਿਲਾਂ ਪਿਛਲੇ ਸੈਸਨ ਦੇ ਵਿਭਾਗ ਮੁਖੀਆਂ ਵੱਲੋਂ ਆਪਣੇ ਵਿਭਾਗਾਂ ਦੀ ਦੋ ਸਾਲਾਂ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ਗਈ. ਮੀਡੀਆ ਵਿਭਾਗ ਦੀ ਰਿਪੋਰਟਿੰਗ ਕਰਦਿਆਂ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਧਾਰਾ 295ਏ ਤਰਕਸ਼ੀਲਾਂ ਅੱਗੇ ਵੱਡੀ ਚੁਣੌਤੀ ਬਣ ਕੇ ਖੜੀ ਹੈ. ਹਕੂਮਤਾਂ ਵੱਲੋਂ ਬਣਾਏ ਹੋਰ ਕਾਲ਼ੇ-ਕਾਨੂੰਨ ਵੀ ਲੋਕ-ਲਹਿਰਾਂ ਦੇ ਰਸਤੇ ਦਾ ਰੋੜਾ ਬਣੇ ਹੋਏ ਹਨ. ਇਸ ਮੌਕੇ ਹਾਜਰ ਚੰਡੀਗੜ ਜੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਜਿਸ ਯੁੱਗ ਵਿੱਚ ਅਸੀਂ ਵਿਚਰ ਰਹੇ ਹਾਂ ਇਹ ਯੁੱਗ ਵਿਗਿਆਨ ਦਾ ਹੈ. ਇਸ ਕਰਕੇ ਜਰੂਰੀ ਹੈ ਕਿ ਅਸੀਂ ਜੀਵਨ ਅਤੇ ਸੰਸਾਰ ਨੂੰ ਵਿਗਿਆਨਿਕ ਦ੍ਰਿਸਟੀਕੋਣ ਤੋਂ ਸਮਝੀਏ. ਉਨਾਂ ਕਿਸਮਤਵਾਦੀ ਫਲਸਫੇ ਨੂੰ ਲੋਕ-ਵਿਰੋਧੀ ਅਤੇ ਪ੍ਰਬੰਧ ਦੀ ਢਾਲ਼ ਦੱਸਦਿਆਂ ਕਿਹਾ ਕਿ ਕਿਸਮਤਵਾਦੀ ਲੋਕ ਆਪਣੀ ਗੁਰਬਤ ਵਾਸਤੇ ਮਾੜੇ ਸਿਸਟਮ ਨੂੰ ਜਿੰਮੇਵਾਰ ਠਹਿਰਾਉਣ ਦੀ ਬਜਾਇ ਕਿਸਮਤ ਨੂੰ ਦੋਸ਼ ਦੇਕੇ ਚੁੱਪ ਕਰ ਜਾਂਦੇ ਹਨ. ਇਹ ਫਲਸਫਾ ਮਨੁੱਖ ਨੂੰ ਪਾਪੀ, ਨਿਰਆਸਰਾ, ਬਲਹੀਣ ਆਦਿ ਗਰਦਾਨ ਕੇ ਮਾਨਸਿਕ ਤੌਰ ਉੱਤੇ ਕਮਜੋਰ  ਵੀ ਕਰਦਾ ਹੈ.

ਇਸ ਚੋਣ ਮੌਕੇ ਬੀਬੀ ਰਣਧੀਰ ਕੌਰ ਸੰਤੇਮਾਜਰਾ ਅਤੇ ਇਕਾਈ ਦੀ ਨਵੀਂ ਬਣੀ ਇਸਤਰੀ ਮੈਂਬਰ ਬੀਬੀ ਸੁਖਵੀਰ ਕੌਰ ਨੇ ਕਿਹਾ ਕਿ ਔਰਤਾਂ ਗਿਣਤੀ ਪੱਖੋਂ ਸਮਾਜ ਦਾ ਅੱਧ ਬਣਦੀਆਂ ਹਨ ਇਸ ਕਰਕੇ ਔਰਤਾਂ ਦੀ ਸਮੂਲੀਅਤ ਬਿਨਾਂ ਕੋਈ ਵੀ ਜਥੇਬੰਦੀ ਅਧੂਰੀ ਹੀ ਹੁੰਦੀ ਹੈ. ਉਨਾਂ ਕਿਹਾ ਕਿ ਅੱਜ ਔਰਤ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹੀ ਹੈ ਤਾਂ ਵਿਗਿਆਨਿਕ-ਚੇਤਨਾ ਦੇ ਪ੍ਰਚਾਰ ਤੇ ਪਸਾਰ ਵਾਸਤੇ ਵੀ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ. ਇਸ ਮੀਟਿੰਗ ਵਿੱਚ ਨਵੇਂ ਚੁਣੇ ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਤਰਕਸ਼ੀਲਤਾ ਇੱਕ ਸੋਚ ਅਤੇ ਜੀਵਨਜਾਚ ਦਾ ਨਾਂ ਹੈ. ਕੋਈ ਵੀ ਸਧਾਰਨ ਮਨੁੱਖ ਤਰਕਸ਼ੀਲ ਬਣ ਸਕਦਾ ਹੈ. ਇਸ ਮੀਟਿੰਗ ਵਿੱਚ ਹਾਜਰ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਜਗਵਿੰਦਰ ਸਿੰਬਲ਼ਮਾਜਰਾ, ਸੁਜਾਨ ਬਡਾਲ਼ਾ, ਜਸਪਾਲ ਬਡਾਲ਼ਾ, ਆਮੀਨ ਤੇਪਲ਼ਾ, ਗਿਆਨ ਸਿੰਘ ਥਿੰਦ ਅਤੇ ਚਰਨਜੀਤ ਨੇ ਇਸ ਸੈਸਨ ਦੌਰਾਨ ਤਰਕਸ਼ੀਲ ਲਹਿਰ ਨੂੰ ਹੋਰ ਮਜਬੂਤ ਕਰਨ ਦਾ ਅਹਿਦ ਲਿਆ.