Hits: 1906

ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ

ਸੰਗਰੂਰ, 11 ਜੂਨ (ਪਰਮਵੇਦ): ਬੀਤੇ ਦਿਨੀਂ ਬੱਚਿਆਂ ਦੇ ਰਚਨਾਤਮਕ ਗੁਣਾਂ ਨੂੰ ਉਜਾਗਰ ਕਰਨ ਹਿੱਤ ਹੈਡ ਟੀਚਰ ਸ੍ਰੀਮਤੀ ਬਿੰਦੂ ਲਤਾ ਅਤੇ ਈ. ਟੀ. ਟੀ. ਅਧਿਆਪਕਾ ਸ੍ਰੀਮਤੀ ਬਿਮਲਜੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਲਗਾਏ ਸਮਰ ਕੈਂਪ ਦੇ ਆਖਰੀ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ

ਇਕਈ ਵੱਲੋਂ ਇੱਕ ਸਿੱਖਿਆਦਾਇਕ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ ਗਿਆ. ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਸ੍ਰ. ਹਰਪ੍ਰੀਤ ਸਿੰਘ ਵੱਲੋਂ ਸ਼ਮ੍ਹਾਂ ਰੋਸ਼ਨ ਕਰਨ ਉਪਰੰਤ ਹੋਈ. ਇਸ ਮੌਕੇ ਇਕਾਈ ਮੁੱਖੀ ਮਾਸਟਰ ਪਰਮ ਵੇਦ ਨੇ ਹਾਜ਼ਰੀਨ ਨੂੰ ਆਪਣਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਦੁਨੀਆਂ ਵਿੱਚ ਚਮਤਕਾਰ ਨਾ ਦੀ ਕੋਈ ਚੀਜ਼ ਨਹੀਂ, ਸਿਰਫ਼ ਘਟਨਾਵਾਂ ਵਾਪਰਦੀਆਂ ਹਨ. ਉਹਨਾਂ ਦੇ ਕਾਰਣ ਜਾਨਣਾ ਹੀ ਤਰਕਸ਼ੀਲਤਾ ਹੈ. ਉਹਨਾਂ ਨੇ ਬੱਚਿਆਂ ਨੂੰ ਸਖ਼ਤ ਮਿਹਨਤ, ਪੜ੍ਹਾਈ ਵਿੱਚ ਲਗਾਤਾਰਤਾ ਰੱਖ ਕੇ ਅਤੇ ਕੀ, ਕਿਉਂ, ਕਿਵੇਂ ਆਦਿ ਸਵਾਲ ਮਨਾਂ ਵਿੱਚ ਪੈਦਾ ਕਰਕੇ ਅਤੇ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ ਨਾਲ ਸਫ਼ਲਤਾ ਦੀ ਮੰਜ਼ਿਲ ਵੱਲ ਵੱਧਣ ਲਈ ਉਤਸ਼ਾਹਿਤ ਕੀਤਾ. ਰਹੱਸਮਈ ਜਾਪਦੀਆਂ ਘਟਨਾਵਾਂ ਅਤੇ ਮਾਨਸਿਕ ਸਮੱਸਿਆਵਾਂ ਸਮੇਂ ਤਰਕਸ਼ੀਲਾਂ ਨਾਲ ਸੰਪਰਕ ਕਰਨ ਲਈ ਕਿਹਾ.

ਇਸ ਮੌਕੇ ਸੁਰਜੀਤ ਸਿੰਘ ਭੱਠਲ ਨੇ ਤਰਕਸ਼ੀਲ ਗੀਤਾਂ ਰਾਹੀਂ ਵਿਗਿਆਨਕ ਵਿਚਾਰਧਾਰਾ ਅਪਣਾਉਣ ਦਾ ਸੁਨੇਹਾ ਦਿੱਤਾ. ਲੈਕ. ਕ੍ਰਿਸ਼ਨ ਸਿੰਘ ਨੇ ਜਾਦੂ ਦੇ ਸ਼ੋਅ ਪੇਸ਼ ਕਰਦਿਆਂ ਕਿਹਾ ਕਿ ਜਾਦੂ ਇਕ ਕਲਾ ਹੈ ਪਰ ਕੁਝ ਅਖੌਤੀ ਤਾਂਤਰਿਕ ਇਸ ਦੇ ਇਸਤੇਮਾਲ ਨਾਲ ਲੋਕਾਂ ਵਿੱਚ ਭਰਮ ਪਾ ਕੇ ਉਹਨਾਂ ਦਾ ਮਾਨਸਿਕ ਅਤੇ ਆਰਥਿਕ ਸੋਸ਼ਣ ਕਰ ਰਹੇ ਹਨ. ਉਹਨਾਂ ਨੇ ਅਖੌਤੀ ਸਿਆਣਿਆਂ ਦੇ ਫੈਲਾਏ ਭਰਮਜਾਲ ਵਿੱਚੋਂ ਨਿਕਲਣ ਦੀ ਅਪੀਲ ਕੀਤੀ. ਇਸ ਸਮੇਂ ਹੋਰਨਾਂ ਦੇ ਇਲਾਵਾ ਅਧਿਆਪਕ ਰੋਮੀ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਪੰਚ ਦਲਵਾਰਾ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਜਾਗਰ ਸਿੰਘ, ਬਲਵੀਰ ਸਿੰਘ ਅਤੇ ਬਚਿੱਤਰ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ. ਅੰਤ ਵਿੱਚ ਪੰਚਾਇਤ ਵੱਲੋਂ ਤਰਕਸ਼ੀਲ ਟੀਮ ਅਤੇ ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ.