ਅੰਧਵਿਸ਼ਵਾਸ ਤੋਂ ਛੁਟਕਾਰਾ ਪਾਉਣ ਲਈ ਵਿਗਿਆਨਿਕ ਸੋਚ ਦਾ ਪ੍ਰਚਾਰ ਜਰੂਰੀ: ਗੁਰਮੀਤ ਖਰੜ

ਖਰੜ, 19 ਮਈ (ਕੁਲਵਿੰਦਰ ਨਗਾਰੀ):  ਸਾਡੇ ਦੇਸ ਨੂੰ ਅੰਧ ਵਿਸ਼ਵਾਸ ਸਦੀਆਂ ਤੋਂ ਘੁਣ ਵਾਂਗੂ ਚਿੰਬੜੇ ਹੋਏ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਵਿਗਿਆਨਿਕ ਸੋਚ ਦਾ ਪ੍ਰਚਾਰ ਅਤੇ ਪਸਾਰ ਬਹੁਤ ਜਰੂਰੀ ਹੈ. ਲੋਕਾਈ ਨੂੰ ਅਗਾਂਹਵਧੂ ਸਾਹਿਤ ਨਾਲ਼ ਜੋੜਨ ਲਈ ਵੱਖ-ਵੱਖ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਮਕਸਦ ਨੂੰ ਮੁੱਖ ਰੱਖਦੇ

ਹੋਏ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਦੋ-ਮਾਸਿਕ ਮੈਗਜ਼ੀਨ ‘‘ਤਰਕਸ਼ੀਲ’ਛਾਪਿਆ ਜਾਂਦਾ ਹੈ. ਇਹ ਜਾਣਕਾਰੀ ਇਕਾਈ ਖਰੜ ਵੱਲੋਂ ‘ਤਰਕਸ਼ੀਲ’ ਮੈਗਜ਼ੀਨ ਦਾ ਮਈ-ਜੂਨ ਅੰਕ ਰੀਲੀਜ਼ ਕਰਨ ਮੌਕੇ ਲੈਕਚਰਾਰ ਗੁਰਮੀਤ ਖਰੜ ਨੇ ਦਿੱਤੀ.

ਇਸ ਮੌਕੇ ਬਿਕਰਮਜੀਤ ਸੋਨੀ ਨੇ ਕਿਹਾ ਕਿ ਅੱਜ ਅੰਧਵਿਸ਼ਵਾਸ਼ਾਂ ਦਾ ਪ੍ਰਚਾਰ ਸਿਰਫ ਅਗਿਆਨਤਾ ਜਾਂ ਸ਼ਰਧਾ ਵੱਸ ਨਹੀਂ, ਬਲਕਿ ਲੋਕ ਚੇਤਨਾ ਨੂੰ ਖੁੰਢਾ ਕਰਨ ਲਈ ਇੱਕ ਬਹੁਤ ਹੀ ਗਿਣੀ-ਮਿੱਥੀ ਸ਼ਾਜਿਸ ਤਹਿਤ ਕੀਤਾ ਜਾ ਰਿਹਾ ਹੈ. ਟੈਲੀਵਿਜ਼ਨ ਉੱਤੇ ਵੀ ਮਿਹਨਤ-ਮੁਸ਼ੱਕਤ ਦੀ ਬਜਾਇ ਜੰਤਰਾਂ-ਮੰਤਰਾਂ ਰਾਹੀ ਅਮੀਰ ਬਣਨ ਦੇ ਨੁਸ਼ਖੇ ਵੇਚੇ ਜਾ ਰਹੇ ਹਨ. ਹਰੇਕ ਚੀਜ ਨੂੰ ਮੁਨਾਫੇ ਦੀਆਂ ਐਨਕਾਂ ਨਾਲ਼ ਦੇਖਣ ਵਾਲ਼ੀਆਂ ਕੁਝ ਚਲਾਕ ਤਾਕਤਾਂ ਦੀ ਰੁਚੀ, ਲੋਕਾਂ ਦੀ ਅੱਖਾਂ ਉੱਤੇ ‘ਸ਼ਰਧਾ ਦੀ ਪੱਟੀ’  ਬੰਨ ਕੇ ਉਨਾਂ ਨੂੰ ‘‘ਕੋਹਲੂ ਦੇ ਬਲ਼ਦ’ਵਾਂਗ ਇਸਤੇਮਾਲ ਕਰਦੇ ਰਹਿਣ ਵਿੱਚ ਹੈ.

ਇਸ ਮੌਕੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਅੰਧ-ਵਿਸ਼ਵਾਸਾਂ ਦੇ ਪਨਪਣ ਲਈ ਅਨੁਕੂਲ ਹਾਲਾਤ ਬਦਲੇ ਵਗੈਰ ਸਮਾਜ ਨੂੰ ਇਹਨਾਂ ਤੋਂ ਮੁਕਤੀ ਦਿਵਾਣੀ ਸੰਭਵ ਨਹੀਂ. ਅੰਧ ਵਿਸ਼ਵਾਸਾਂ ਦੀ ਜੜ੍ਹ ਵੱਢਣ ਵਾਸਤੇ ਮਨੁੱਖ ਨੂੰ ਲਾਦੂ ਕੱਢਣ ਵਾਲ਼ਾ ਸੱਭਿਆਚਾਰ ਤਬਦੀਲ ਕਰਕੇ ਲੋਕ-ਪੱਖੀ ਸੱਭਿਆਚਾਰ ਉਸਾਰਨ ਲਈ ਲਗਾਤਾਰ ਜੱਦੋ-ਜਹਿਦ ਕਰਨੀ ਹੋਵੇਗੀ. ਦੂਜੇ ਦੀ ਕਿਰਤ ਨੂੰ ਵਿਹਲੇ ਬੈਠ ਕੇ ਦੱਬਣ ਵਾਲ਼ਿਆਂ ਨੂੰ ਖਤਮ ਕਰਨਾ ਹੋਵੇਗਾ ਤਾਂ ਕਿ ਇੱਕ ਮਨੁੱਖ ਹੱਥੋਂ ਦੁਜੇ ਦੀ ਲੁੱਟ ਸੰਭਵ ਹੀ ਨਾ ਹੋਵੇ.

ਇਸ ਮੌਕੇ ਹਾਜਰ ਤਰਕਸ਼ੀਲ ਆਗੂਆਂ ਜਗਵਿੰਦਰ ਸਿੰਬਲ਼ਮਾਜਰਾ, ਕਰਮਜੀਤ, ਭੁਪਿੰਦਰ ਮਦਨਹੇੜੀ, ਸੁਜਾਨ ਬਡਾਲ਼ਾ, ਸੁਰਿੰਦਰ ਸਿੰਬਲ਼ਮਾਜਰਾ ਅਤੇ ਜਰਨੈਲ ਸਹੌੜਾਂ ਆਦਿਨੇ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ ਤਾਂ ਕਿ ਅੰਧ ਵਿਸ਼ਵਾਸਾਂ ਖਿਲਾਫ ਚਲਦੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕੇ.