Hits: 2195

ਰਾਹ ਰੁਸ਼ਨਾਈ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਰਾਜਿੰਦਰ ਭਦੌੜ

               ਤਰਕਸ਼ੀਲਾਂ ਦੀ ਰਾਜ ਪੱਧਰੀ ਇੱਕਤਰਤਾ ਸੰਪੰਨ

ਲੁਧਿਆਣਾ, 14 ਨਵੰਬਰ (ਰਾਮ ਸਵਰਨ ਲੱਖੇਵਾਲੀ):  ਸਮਾਜ ਦਾ ਰਾਹ ਰੁਸ਼ਨਾਉਣ ਤੇ ਜ਼ਿੰਦਗੀ ਦੇ ਪੈਰਾਂ ਚੋਂ ਅੰਧਵਿਸ਼ਵਾਸਾਂ, ਅਗਿਆਨਤਾ ਦੀਆਂ

ਜੰਜ਼ੀਰਾਂ ਤੋੜਨ ਲਈ ਤਰਕਸ਼ੀਲਤਾ ਸਮੇਂ ਦੀ ਲੋੜ ਹੈ, ਜਿਸ ਨੂੰ ਹਰ ਦਰ ਤੇ ਪਹੁੰਚਾਉਣ ਤੇ ਲੋਕ ਮਨਾਂ ਦਾ ਹਿੱਸਾ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਮੇ ਲਗਾਤਾਰ ਯਤਨਸ਼ੀਲ ਹਨ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਪੰਜਾਬੀ ਭਵਨ ਵਿਖੇ ਰਾਜ ਭਰ ਦੀਆਂ ਤਰਕਸ਼ੀਲ ਇਕਾਈਆਂ ਦੇ ਛਿਮਾਹੀ ਇੱਕਤਰਤਾ ਚ ਪਹੁੰਚੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਕੀਤਾ. ਉਹਨਾਂ ਆਖਿਆ ਕਿ ਵਿਗਿਆਨਕ ਚੇਤਨਾ ਨਾਲ ਹੀ ਸਮਾਜ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਇਹਨਾਂ ਦਾ ਠੀਕ ਹੱਲ ਲੱਭਿਆ ਜਾ ਸਕਦਾ ਹੈ. ਤਰਕਸ਼ੀਲ ਆਗੂ ਨੇ ਸਪੱਸ਼ਟ ਕੀਤਾ ਕਿ ਤਰਕਸ਼ੀਲ ਪਹੁੰਚ ਨਾਲ ਹੀ ਫਿਰਕਾਪ੍ਰਸਤੀ ਵਰਗੀਆਂ ਅਲਾਮਤਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ. ਤਰਕਸ਼ੀਲਾਂ ਦੀ ਸੂਬਾਈ ਇੱਕਤਰਤਾ ਚ ਪੰਜਾਬ ਭਰ ਦੇ ਦਸ ਜ਼ੋਨ ਮੁਖੀਆਂ ਨੇ ਆਪੋ ਆਪਣੇ ਖੇਤਰਾਂ ਚ ਚਲਦੀਆਂ ਤਰਕਸ਼ੀਲ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ. ਆਗੂਆਂ ਨੇ ਰਾਜ ਭਰ ਚ ਤਰਕਸ਼ੀਲ ਚੇਤਨਾ ਲਈ ਲਗਾਏ ਜਾ ਰਹੇ ਸੈਮੀਨਾਰਾਂ, ਮੇਲਿਆਂ,ਨਾਟ ਸਮਾਰੋਹਾਂ ਤੇ ਪੁਸਤਕ ਪ੍ਰਦਰਸ਼ਨੀਆਂ ਰਾਹੀਂ ਸਮਾਜ ਤੇ ਪੈ ਰਹੇ ਸੁਖਾਵੇਂ ਪ੍ਰਭਾਵ ਤੇ ਮਿਲ ਰਹੇ ਲੋਕ ਹੁੰਗਾਰੇ ਦਾ ਜ਼ਿਕਰ ਕਰਦਿਆਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਕੀਤੇ ਜਾ ਰਹੇ ਹਮਲਿਆਂ ਤੇ ਚਿੰਤਾ ਪ੍ਰਗਟਾਈ. ਸੂਬਾਈ ਇੱਕਤਰਤਾ ਚ ਵਿਚਾਰ ਪ੍ਰਗਟ ਕਰਦਿਆਂ ਹੇਮ ਰਾਜ ਸਟੈਨੋ, ਹਰਿੰਦਰ ਲਾਲੀ, ਬਲਵੀਰ ਚੰਦ ਲੋਂਗੋਵਾਲ, ਦਲਬੀਰ ਕਟਾਣੀ, ਗੁਰਪ੍ਰੀਤ ਸਹਿਣਾ, ਤਰਲੋਚਨ ਸਮਰਾਲਾ, ਸੰਦੀਪ ਧਾਰੀਵਾਲ ਤੇ ਹਰਚੰਦ ਭਿੰਡਰ ਨੇ ਆਖਿਆ ਕਿ ਰਾਜ ਚ ਪਿਛਲੇ ਤਿੰਨ ਦਹਾਕਿਆਂ ਤੋਂ ਚਲਦੀਆਂ ਤਰਕਸ਼ੀਲ ਸਰਗਰਮੀਆਂ ਨਾਲ ਲੋਕਾਈ ਦੀ ਚੇਤਨਾ ਨੇ ਅੰਗੜਾਈ ਭਰੀ ਹੈ. ਉਹਨਾਂ ਕਿਹਾ ਕਿ ਤਰਕਸ਼ੀਲ ਸਾਹਿਤ ਵੈਨ ਦੀ ਆਮਦ ਨਾਲ ਸਕੂਲਾਂ,ਕਾਲਜਾਂ ਤੇ ਪਿੰਡਾਂ ਚ ਸਾਹਿਤ ਦੀ ਲੋੜ ਉਭਰੀ ਹੈ ਤੇ ਪੁਸਤਕਾਂ ਦੀ ਆਮ ਲੋਕਾਂ ਨਾਲ ਨੇੜਤਾ  ਵਧੀ ਹੈ. ਹਾਜਰ ਤਰਕਸ਼ੀਲ ਡੈਲੀਗੇਟਾਂ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਲਈ ਜੁਟਾਏ ਜਾ ਰਹੇ ਯਤਨਾਂ ਨੂੰ ਹੋਰ ਸਾਰਥਕ ਬਣਾਉਣ ਲਈ ਸੁਝਾਅ ਵੀ ਨੋਟ ਕਰਵਾਏ. ਸਮਾਰੋਹ ਨੂੰ ਹੋਰਨਾਂ ਤੋਂ ਇਲਾਵਾ ਜੰਟਾ ਸਿੰਘ, ਮਜੀਦ ਆਜਾਦ , ਜਰਨੈਲ ਕ੍ਰਾਂਤੀ ਚੰੜੀਗੜ, ਕੁਲਜੀਤ ਅਬੋਹਰ, ਅੰਮ੍ਰਿਤ ਰਿਸ਼ੀ ਮਾਨਸਾ, ਭਗਤ ਸਿੰਘ ਫਾਜ਼ਿਲਕਾ, ਰਾਮ ਕੁਮਾਰ ਪਟਿਆਲਾ, ਪ੍ਰਮਵੇਦ ਸੰਗਰੂਰ, ਆਤਮਾ ਸਿੰਘ ਤੇ ਸੁਖਵਿੰਦਰ ਲੀਲ ਨੇ ਸ਼ਮੂਲੀਅਤ ਕੀਤੀ. ਤਰਕਸ਼ੀਲਾਂ ਨੇ ਦੇਸ਼ ਭਰ ਚ ਪ੍ਰਗਤੀਵਾਦੀ ਲੋਕਾਂ ਤੇ ਨਾਮਵਰ ਸਾਹਿਤਕਾਰਾਂ ਵੱਲੋਂ ਅਸਹਿਣਸ਼ੀਲਤਾ ਖਿਲਾਫ਼ ਉਠਾਏ ਗਏ ਲੋਕ ਹਿਤੂ ਕਦਮਾਂ ਦੀ ਸ਼ਲਾਘਾ ਕਰਦਿਆਂ ਨਾਲ ਖੜਨ ਦਾ ਅਹਿਦ ਲਿਆ.