ਅੱਗੇ ਵਧਣ ਲਈ ਛੱਡਣੀਆ ਪੈਣਗੀਆਂ ਮੱਧਯੁਗੀ ਧਾਰਨਾਵਾਂ: ਗੁਰਮੀਤ ਖਰੜ

ਖਰੜ, 22 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਮੈਂਬਰ ਗੁਰਮੀਤ ਸਹੌੜਾਂ, ਉਹਨਾਂ ਦੀ ਸੁਪਤਨੀ ਬੀਬੀ ਨਿਰਮਲ ਕੌਰ ਅਤੇ ਸਪੁੱਤਰੀ ਹਰਸਿਮਰਨ ਕੌਰ ਵੱਲੋਂ ਮਰਨ ਉਪਰੰਤ ਆਪਣਾ ਮ੍ਰਿਤਕ-ਸਰੀਰ ਪੀ.ਜੀ.ਆਈ. ਦੇ ਅਨਾਟਮੀ ਵਿਭਾਗ ਨੂੰ ਸੌਪਣ ਦਾ ਪ੍ਰਣ-ਪੱਤਰ ਅੱਜ ਪਰਿਵਾਰਿਕ ਮੈਂਬਰਾਂ ਦੀ

ਹਾਜ਼ਰੀ ਵਿੱਚ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੂੰ ਸੌਂਪਿਆ ਗਿਆ. ਇਸ ਮੌਕੇ ਗੁਰਮੀਤ ਸਹੌੜਾਂ ਨੇ ਕਿਹਾ ਕਿ ਤਰਕਸ਼ੀਲ ਸਾਹਿਤ ਪੜ੍ਹਕੇ ਮੈਨੂੰ ਪਤਾ ਲੱਗਾ ਕਿ ਮ੍ਰਿਤਕ ਦੇਹ ਨੂੰ ਜਲਾਣ ਜਾਂ ਦਫਨਾਉਣ ਦਾ ਕਾਰਜ ਮੁਰਦਾ ਸਰੀਰ ਨੂੰ ਆਪਣੀ ਸਹੂਲਤ ਮੁਤਾਬਕ ਸਿਰਫ ਨਸ਼ਟ ਕਰਨ ਦਾ ਹੀ ਤਰੀਕਾ ਹੁੰਦਾ ਸੀ. ਵਿਗਿਆਨ ਦੇ ਅਜੋਕੇ ਯੁੱਗ ਤੋਂ ਪਹਿਲਾਂ ਜਦੋਂ ਮੁਰਦਾ ਸਰੀਰ ਦਾ ਕੋਈ ਉਪਯੋਗ ਨਹੀਂ ਸੀ ਹੁੰਦਾ ਤਾਂ ਉਸ ਨੂੰ ਨਸ਼ਟ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ. ਉਨਾਂ ਕਿਹਾ ਕਿ ਅੱਜ ਜਦੋਂ ਸਾਇੰਸ ਦੀ ਤਰੱਕੀ ਸਦਕਾ ਮਨੁੱਖੀ ਸਰੀਰ ਉੱਤੇ ਬਹੁਪੱਖੀ ਖੋਜ ਕਾਰਜ ਚੱਲ ਰਹੇ ਹਨ ਤਾਂ ਮਰਨ ਤੋਂ ਬਾਅਦ ਆਪਣਾ ਸਰੀਰ ਕਿਸੇ ਵੀ ਤਰੀਕੇ ਨਸ਼ਟ ਕਰਨ ਦੀ ਬਜਾਇ ਇਨਾਂ ਖੋਜ ਕਾਰਜਾਂ ਵਾਸਤੇ ਦੇਕੇ ਮੈਡੀਕਲ ਸਾਇੰਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ.

ਇਸ ਮੌਕੇ ਬੀਬੀ ਨਿਰਮਲ ਕੌਰ ਨੇ ਕਿਹਾ ਕਿ ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਜਨਮ ਤੋਂ ਲੈਕੇ ਮੌਤ ਤੱਕ ਆਪਣੀਆਂ ਸਾਰੀਆਂ ਲੋੜਾਂ ਸਮਾਜ ਤੋਂ ਪੂਰੀਆਂ ਕਰਦਾ ਹੈ ਬਦਲੇ ਵਿੱਚ ਸਾਨੂੰ ਵੀ ਸਮਾਜਿਕ ਭਲਾਈ ਵਾਸਤੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ. ਉਨਾਂ  ਕਿਹਾ ਕਿ ਅਜੋਕੀ ਤੇਜ ਰਫਤਾਰ ਜਿੰਦਗੀ ਦੀ ਦੌੜ-ਭੱਜ ਵਿੱਚ ਜੇਕਰ ਇਨਸਾਨ ਸਮਾਜ ਭਲਾਈ ਦੇ ਕੰਮਾਂ ਵਾਸਤੇ ਟਾਈਮ ਨਾ ਵੀ ਕੱਢ ਸਕਦਾ ਹੋਵੇ ਤਾਂ ਮਰਨ ਤੋਂ ਬਾਅਦ ਤਾਂ ਅਸੀਂ ਆਪਣਾ ਸਰੀਰ ਖੋਜ ਕਾਰਜਾਂ ਵਾਸਤੇ ਦੇ ਕੇ ਸਮਾਜ ਦੀ ਸੇਵਾ ਕਰ ਹੀ ਸਕਦੇ ਹਾਂ. ਇਸ ਮੌਕੇ ਉਹਨਾਂ ਦੀ ਬੇਟੀ ਹਰਸਿਮਰਨ ਕੌਰ ਨੇ ਦੱਸਿਆ ਕਿ ਮੈਂ ਸਿਹਤ ਵਿਭਾਗ ਵਿੱਚ ਸਰਵਿਸ ਦੌਰਾਨ ਕਈ ਅਜਿਹੇ ਮਰੀਜਾਂ ਨੂੰ ਮੌਤ ਨਾਲ਼ ਸੰਘਰਸ਼ ਕਰਦਿਆਂ ਨੇੜਿਓਂ ਤੱਕਿਆ ਜੋ ਨਕਾਰਾ ਹੋਏ ਅੰਗਾਂ ਕਰਕੇ ਜਿੰਦਗੀ ਨੂੰ ਤਰਸ ਰਹੇ ਸਨ ਅਤੇ ਉਨਾਂ ਨੂੰ ਕਿਸੇ ਦੇ ਦਿੱਤੇ ਹੋਏ ਅੰਗ ਲਗਾ ਕੇ ਜੀਵਨਦਾਨ ਦਿੱਤਾ ਜਾ ਸਕਦਾ ਸੀ. ਇਹ ਸਭ ਦੇਖ ਕੇ ਮੈਨੂੰ ਮਨੁੱਖੀ ਸਰੀਰ ਦੇ ਅੰਗਾਂ ਦੀ  ਅਹਿਮੀਅਤ ਸਮਝ ਆਈ.

ਇਸ ਮੌਕੇ ਹਾਜ਼ਰ ਲੈਕ. ਗੁਰਮੀਤ ਖਰੜ ਨੇ ਕਿਹਾ ਕਿ ਜਿਵੇਂ ਕਿਸੇ ਬੇੜੀ ਦੀ ਉਪਯੋਗਤਾ ਸਿਰਫ ਨਦੀ ਪਾਰ ਕਰਨ ਤੱਕ ਹੁੰਦੀ ਹੈ ਨਦੀ ਪਾਰ ਹੋਣ ਉਪਰੰਤ ਅੱਗੇ ਵਧਣ ਲਈ ਬੇੜੀ ਛੱਡਣੀ ਲਾਜਮੀ ਬਣ ਜਾਂਦੀ ਹੈ ਇਸੇ ਤਰਾਂ ਵਿਗਿਆਨ ਦੇ ਯੁੱਗ ਵਿੱਚ ਮੱਧਯੁੱਗੀ ਧਾਰਨਾਵਾਂ ਨੂੰ ਪਿੱਛੇ ਛੱਡ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ.ਇਸ ਮੌਕੇ ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਕਰਮਜੀਤ ਸਕਰੁੱਲਾਂਪੁਰੀ, ਭੁਪਿੰਦਰ ਮਦਨਹੇੜੀ, ਰਾਜੇਸ਼ ਸਹੌੜਾਂ, ਜਰਨੈਲ ਸਹੌੜਾਂ, ਅਵਤਾਰ ਸਹੌੜਾਂ, ਹਰਜਿੰਦਰ ਪਮੌਰ ਵੀ ਹਾਜਰ ਸਨ.