Hits: 2857

ਜਾਦੂ ਕਲਾ ਦਾ ਵਣਜਾਰਾ ਸੁਖਦੇਵ ਮਲੂਕਪੁਰਾ

ਰਾਮ ਸਵਰਨ ਲੱਖੇਵਾਲੀ

ਜ਼ਿੰਦਗੀ ਇੱਕ ਸਫ਼ਰ ਹੈ. ਇਹ ਹੈ ਤਾਂ ਔਖਾ ਪਰ ਇਸ ਤੇ ਸਿਰੜ ਨਾਲ ਤੁਰਦਿਆਂ ਜਦ ਮਨ ਵਿੱਚ ਸੁਪਨੇ ਉਗਮਣ ਲੱਗਦੇ ਹਨ ਤਾਂ ਜਿਊਣ, ਜਾਣਨ ਤੇ ਅੱਗੇ ਵਧਣ ਦੀ ਇੱਛਾ ਪਨਪਦੀ ਹੈ. ਜੇ ਬਚਪਨ ਵਿੱਚ ਹੀ ਤਰਕ ਵਿਤਰਕ ਵਾਲੀ ਸੋਚ ਨਾਲ ਵਾਹ ਵਾਸਤਾ ਪਵੇ ਤਾਂ ਸਫ਼ਲਤਾ ਦੀ ਮੰਜ਼ਿਲ ਮਿਲਣੀ ਪੱਕੀ ਹੁੰਦੀ ਹੈ. ਤਰਕਸ਼ੀਲਤਾ ਦੀ ਇਹ ਮੰਜ਼ਿਲ ਜ਼ਿੰਦਗੀ ਭਰ ਮਾਰਗ ਦਰਸ਼ਕ ਬਣ ਕੇ ਲੋਕਾਈ ਨੂੰ ਜਾਗਰੂਕ ਕਰਨ ਦਾ ਰਾਹ ਫੜਦੀ ਹੈ. ਜਾਦੂ ਬਾਰੇ ਮੁੱਢ ਕਦੀਮ ਤੋਂ ਹੀ ਲੋਕ ਮਨਾਂ ਚ ਅਨੇਕਾਂ ਭਰਮ ਭੁਲੇਖੇ ਰਹੇ ਹਨ ਤੇ ਬਹੁਗਿਣਤੀ ਲੋਕ ਅਜੇ ਵੀ ਜਾਦੂ ਨੂੰ ਕਾਲੇ ਇਲਮ ਤੇ ਗੈਬੀ ਸ਼ਕਤੀ ਨਾਲ ਜੋੜ ਕੇ ਅੰਧ ਵਿਸ਼ਵਾਸਾਂ ਦੇ ਚੁੰਗਲ ਚ ਫਸੇ ਹੋਏ ਹਨ. ਅਬੋਹਰ ਲਾਗਲੇ ਪਿੰਡ ਮਲੂਕਪੁਰਾ ਦਾ ਵਾਸੀ ਸੁਖਦੇਵ ਪਿਛਲੇ ਦੋ ਦਹਾਕਿਆਂ ਤੋਂ ਜਾਦੂ-ਕਲਾ ਨਾਲ ਲੋਕਾਂ ਦਾ ਮਨੋਰੰਜਨ ਕਰਨ, ਇਸ ਕਲਾ ਦੇ ਭੇਦ ਸਮਝਾਉਣ ਦੇ ਨਾਲ-ਨਾਲ ਤਰਕਸ਼ੀਲ ਲਹਿਰ ਦਾ ਇੱਕ ਅੰਗ ਬਣ ਕੇ ਲੋਕਾਈ ਨੂੰ ਜਗਾਉਣ ਤੁਰਿਆ ਹੋਇਆ ਹੈ. ਆਪਣੇ ਪਿੰਡ ਮਲੂਕਪੁਰਾ ਵਿਖੇ ਪੜ੍ਹਦਿਆਂ ਉਸ ਦਾ ਵਾਹ ਵਾਸਤਾ ਇਸ ਸੋਚ ਨਾਲ ਪਿਆ. ਉਨ੍ਹਾਂ ਸਮਿਆਂ ਚ ਚਲਦੀ ਸਾਖਰਤਾ ਮੁਹਿੰਮ ਦੇ ਇੱਕ ਪ੍ਰੋਗਰਾਮ ਵਿੱਚੋਂ ਜਦ ਉਸ ਨੇ ਤਰਕਸ਼ੀਲਾਂ ਵੱਲੋਂ ਵਿਖਾਏ ਗਏ ਜਾਦੂ ਦੇ ਦਿਲਚਸਪ ਖੇਲ ਵੇਖੇ ਤਾਂ ਉਸ ਦੇ ਮਨ ਵਿੱਚ ਵੀ ਇਸ ਨੂੰ ਸਮਝਣ ਦੀ ਇੱਛਾ ਜਾਗੀ. ਉਹ ਭੇਦ ਸਮਝ ਕੇ ਆਪਣੇ ਵੱਲੋਂ ਲੋਕਾਂ ਨੂੰ ਸਮਝਾਉਣ ਦਾ ਰਾਹ ਤਲਾਸ਼ਣ ਲੱਗਿਆ.
ਆਪਣੇ ਸਫ਼ਰ ਦੀ ਸ਼ੁਰੂਆਤ ਵਿੱਚ ਉਸ ਨੇ ਕੁਝ ਜਾਦੂ ਦੇ ਖੇਲ ਖਰੀਦੇ ਤੇ ਤਰਕਸ਼ੀਲਾਂ ਦੇ ਸਮਝਾਉਣ ਅਨੁਸਾਰ ਸਿੱਖੇ. ਫਿਰ ਉਹ ਸਕੂਲਾਂ, ਪਿੰਡਾਂ ਦੀਆਂ ਸੱਥਾਂ ਤੇ ਜਨਤਕ ਥਾਵਾਂ ਤੇ ਸ਼ੌਕ ਵਜੋਂ ਹੀ ਇਹ ਖੇਲ ਵਿਖਾਉਣ ਲੱਗਿਆ. ਮਨ ਦੀ ਜਗਿਆਸਾ ਸ਼ਾਂਤ ਕਰਨ ਲਈ ਉਸ ਨੇ ਜਾਦੂ ਨਾਲ ਸਬੰਧਤ ਅਨੇਕਾਂ ਪੁਸਤਕਾਂ ਪੜ੍ਹੀਆਂ ਜਿਹੜੀਆਂ ਅੰਧ ਵਿਸ਼ਵਾਸ ਨਾਲ ਨਹੀਂ ਬਲਕਿ ਜਾਦੂ ਕਲਾ ਦੇ ਅਭਿਆਸ ਨਾਲ ਜੁੜੀਆਂ ਹੋਈਆਂ ਸਨ. ਇਸ ਕਲਾ ਵਿੱਚ ਉਸ ਦਾ ਸ਼ੌਕ ਲਗਾਤਾਰ ਵਧਦਾ ਗਿਆ। ਜਦ ਉਸ ਦਾ ਮੇਲ ਆਪਣੇ ਇਲਾਕੇ ਦੇ ਤਰਕਸ਼ੀਲਾਂ ਨਾਲ ਹੋਇਆ ਤਾਂ ਉਸ ਦੀ ਜਾਦੂ ਕਲਾ ਨੂੰ ਵਿਗਸਣ ਦਾ ਮੌਕਾ ਮਿਲਿਆ. ਪਹਿਲਾਂ ਉਸ ਨੇ ਆਪਣੇ ਪਿੰਡ ਨਾਟਕ ਮੇਲਾ ਕਰਵਾ ਕੇ ਉਸ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ. ਪਿੰਡ ਦੇ ਲੋਕ ਉਸ ਦੇ ਪ੍ਰਦਰਸ਼ਨ ਤੋਂ ਹੈਰਾਨ ਹੋਏ ਤੇ ਖ਼ੁਸ਼ ਵੀ. ਲਗਾਤਾਰ ਅਭਿਆਸ ਤੇ ਪੇਸ਼ਕਾਰੀ ਨਾਲ ਉਸ ਦੀ ਕਲਾ ਵਿੱਚ ਨਿਖਾਰ ਆਉਂਦਾ ਗਿਆ. ਆਮ ਹਾਲਤਾਂ ਵਿੱਚ ਹਵਾ ਚੋਂ ਫੁੱਲ ਫੜ੍ਹਨਾ, ਸਿੱਕੇ ਨੂੰ ਗਾਇਬ ਕਰਨਾ, ਰੁਮਾਲ ਚੋਂ ਮੁੰਦਰੀ ਪੈਦਾ ਕਰਨਾ, ਸਿੱਕੇ ਨੂੰ ਹਵਾ ਚ ਗਾਇਬ ਕਰਨਾ ਆਦਿ ਛੋਟੇ ਟ੍ਰਿਕ ਉਸ ਲਈ ਇੱਕ ਸਾਧਾਰਨ ਵਰਤਾਰਾ ਹਨ ਪਰ ਵੇਖਣ ਵਾਲੇ ਦੀਆਂ ਅੱਖਾਂ ਯਕੀਨ ਨਹੀਂ ਕਰਦੀਆਂ.

ਸੁਖਦੇਵ ਦੱਸਦਾ ਹੈ ਕਿ ਮੰਚ ਤੇ ਪੇਸ਼ਕਾਰੀ ਦੌਰਾਨ ਉਹ ਤਰਕਸ਼ੀਲ ਸੁਸਾਇਟੀ ਦੀ ਸੋਚ ਅਨੁਸਾਰ ਲੋਕਾਂ ਨੂੰ ਚੇਤਨ ਹੋਣ ਲਈ ਪ੍ਰੇਰਦਾ ਹੈ. ਮੰਚ ਤੇ ਉਸ ਦੀ ਪੇਸ਼ਕਾਰੀ ਤਾਂ ਕਮਾਲ ਦੀ ਹੁੰਦੀ ਹੀ ਹੈ ਨਾਲ ਹੀ ਉਸ ਦਾ ਵਾਰਤਾਲਾਪ ਸੁਣਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ. ਉਸ ਦੀ ਕਲਾ ਦੀ ਹਰਮਨ-ਪਿਆਰਤਾ ਹੁਣ ਇੱਥੋਂ ਤਕ ਵਧ ਗਈ ਹੈ ਕਿ ਲੋਕ ਉਸ ਨੂੰ ਵਿਆਹਾਂ ਤੇ ਜਨਮ ਦਿਨ ਸਮਾਰੋਹਾਂ ਤੇ ਵੀ ਬੁਲਾਉਣ ਲੱਗ ਪਏ ਹਨ. ਉਹ ਇਸ ਵਰਤਾਰੇ ਤੇ ਸੰਤੁਸ਼ਟੀ ਪ੍ਰਗਟ ਕਰਦਾ ਹੋਇਆ ਆਖਦਾ ਹੈ ਕਿ ਸਮਾਜ ਵਿੱਚ ਪਸਰੇ ਅਗਿਆਨਤਾ ਤੇ ਅੰਧ ਵਿਸ਼ਵਾਸਾਂ ਦੇ ਹਨੇਰੇ ਨੂੰ ਖਿੰਡਾਉਣ ਲਈ ਉਸ ਦੀ ਜਾਦੂ ਕਲਾ ਹਾਂ-ਪੱਖੀ ਰੋਲ ਨਿਭਾ ਰਹੀ ਹੈ. ਇੱਕ ਸਾਲ ਵਿੱਚ ਉਹ ਔਸਤਨ 120 ਸ਼ੋਅ ਕਰਦਾ ਹੈ. ਉਸ ਦਾ ਸਾਥੀ ਸੁਖਦੀਪ ਪੇਸ਼ਕਾਰੀ ਸਮੇਂ ਉਸ ਦਾ ਸਾਥ ਬਖੂਬੀ ਨਿਭਾਉਂਦਾ ਹੈ. ਹੁਣ ਤਕ ਉਹ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਰਿਆਣੇ ਦੇ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕਾ ਹੈ. ਤਰਕਸ਼ੀਲ ਮੇਲਿਆਂ ਵਿੱਚ ਉਹ ਆਪਣੀ ਕਲਾ ਦੀ ਪੇਸ਼ਕਾਰੀ ਇੱਕ ਮਿਸ਼ਨਰੀ ਵਜੋਂ ਕਰਦਾ ਹੈ ਜਦਕਿ ਲੋਕਾਂ ਦੇ ਨਿੱਜੀ ਸਮਾਰੋਹਾਂਚ ਇਹ ਕਲਾ ਉਸ ਦੇ ਰੁਜ਼ਗਾਰ ਦਾ ਸਾਧਨ ਬਣਦੀ ਹੈ. ਕਿੱਤੇ ਵਜੋਂ ਉਹ ਇੱਕ ਛੋਟਾ ਕਿਸਾਨ ਹੈ ਤੇ ਬਿਜਲਈ ਯੰਤਰਾਂ ਦਾ ਕਾਮਾ. ਉਸ ਦੇ ਹੱਥਾਂ ਦਾ ਸੁਹਜ ਜਾਦੂ ਕਲਾ ਵਾਂਗ ਇਸ ਕਿਰਤ ਵਿੱਚ ਵਿੱਚ ਵੀ ਆਪਣਾ ਰੰਗ ਬਖੂਬੀ ਵਿਖਾਉਂਦਾ ਹੈ.
ਜਾਦੂ ਕਲਾ ਰਾਹੀਂ ਲੋਕ ਮਨਾਂ ਨੂੰ ਰੁਸ਼ਨਾਉਣਾ ਉਸ ਦੀ ਜ਼ਿੰਦਗੀ ਦਾ ਸਕੂਨ ਹੈ. ਉਸ ਨੂੰ ਆਪਣੀ ਇਸ ਕਲਾ ਤੇ ਫਖ਼ਰ ਹੈ ਕਿ ਉਹ ਆਪਣੇ ਇਸ ਕਾਜ ਰਾਹੀਂ ਚੰਗੇਰੇ ਸਮਾਜ ਦੀ ਸਥਾਪਨਾ ਲਈ ਅਗਾਂਹਵਧੂ ਪ੍ਰਚਾਰ-ਪਸਾਰ ਦਾ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ. ਜਾਦੂ ਕਲਾ, ਆਪਣੀ ਕਿਰਤ ਤੇ ਘਰ ਪਰਿਵਾਰ ਦੇ ਕੰਮਾਂ ਚੋਂ ਸਮਾਂ ਬਚਾ ਕੇ ਉਹ ਪੁਸਤਕਾਂ ਨਾਲ ਸੰਵਾਦ ਵੀ ਰਚਾਉਂਦਾ ਹੈ. ਚੰਗੀਆਂ ਪੁਸਤਕਾਂ ਉਸ ਦੇ ਘਰ ਦੀ ਲਾਇਬਰੇਰੀ ਦਾ ਸ਼ਿੰਗਾਰ ਹਨ. ਉਹ ਲੋਕ ਚੇਤਨਾ ਲਈ ਆਪਣੇ ਵੱਲੋਂ ਜੁਟਾਏ ਜਾ ਰਹੇ ਯਤਨਾਂ ਨੂੰ ਆਪਣੀ ਜ਼ਿੰਦਗੀ ਦਾ ਸਾਰਥਕ ਸਮਾਂ ਸਮਝਦਾ ਹੈ. ਗੁਰਸ਼ਰਨ ਭਾਅ ਜੀ ਦੀਆਂ ਸਟੇਜਾਂ ਤੇ ਉਨ੍ਹਾਂ ਵੱਲੋਂ ਮਿਲੇ ਮਾਣ-ਸਨਮਾਨ ਨੂੰ ਉਹ ਆਪਣੀ ਜ਼ਿੰਦਗੀ ਦੀ ਪ੍ਰਾਪਤੀ ਸਮਝਦਾ ਹੈ. ਉਹ ਜਾਦੂ ਰੂਪੀ ਕਲਾ ਦਾ ਅਜਿਹਾ ਵਣਜਾਰਾ ਹੈ, ਜਿਸ ਦੀ ਛਣਕ ਚ ਲੋਕ ਚੇਤਨਾ, ਜ਼ਿੰਦਗੀ ਦੀ ਜਿੱਤ ਤੇ ਬਰਾਬਰੀ ਦਾ ਸੁਪਨੇ ਦਾ ਸੰਗੀਤ ਸਮੋਇਆ ਹੋਇਆ ਹੈ.