ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਸੰਸਾਰ ਪੁਸਤਕ ਦਿਵਸ ਤੇ ਵਿਸ਼ੇਸ਼

ਗੋਰਾ ਹੁਸ਼ਿਆਰਪੁਰੀ ਦਾ ਕਾਵਿ ਸੰਗ੍ਰਹਿ ‘ਤਲਾਸ਼’ ਹੋਇਆ ਰਿਲੀਜ਼

 ਜਰਨੈਲ ਕ੍ਰਾਂਤੀ

ਅੱਜ ‘ਸੰਸਾਰ ਪੁਸਤਕ ਦਿਵਸ’ ਮੌਕੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਲੇਖਕ ਤੇ ਆਲੋਚਕ ਗੋਰਾ ਹੁਸ਼ਿਆਰਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਤਲਾਸ਼’ ਰਿਲੀਜ਼ ਕੀਤਾ ਗਿਆ. ਦੱਸਣਯੋਗ ਹੈ ਕਿ ਗੋਰਾ ਹੁਸ਼ਿਆਰਪੁਰੀ ਇੱਕ ਫੈਕਟਰੀ ਵਰਕਰ ਹੈ ਅਤੇ ਸਿਰਫ ਦਸਵੀਂਪਾਸ ਹੈ. ਉਹ ਖੁੱਲ੍ਹੀ ਕਵਿਤਾ ਦੀ ਵਿਧਾ ਵਿੱਚ ਲਿਖਦੇ ਹਨ ਅਤੇ ਕਰੀਬ 10 ਸਾਲ ਦੀ ਮਿਹਨਤ ਤੋਂ ਬਾਅਦ ਇਹ ਉਹਨਾਂ ਦਾ ਪਲੇਠਾ ਕਾਵਿ ਸੰਗ੍ਰਹਿ ਹੈ. ਇਸ ਪੁਸਤਕ ਵਿੱਚ ਉਹਨਾਂ ਨੇ ਨੌਜਵਾਨਾਂ ਨਾਲ ਸੰਵਾਦ ਰਚਾਇਆ ਹੈ ਅਤੇ ਅੰਧਵਿਸ਼ਵਾਸ 'ਤੇ ਕਟਾਕਸ਼ ਕਰਦੇ ਹੋਏ ਸੱਭਿਆਚਾਰ, ਰੋਮਾਂਸ, ਭਾਵਨਾਵਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਸੰਵੇਦਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ ਹੈ. ਪੁਸਤਕ ਦੀ ਘੁੰਡ ਚੁਕਾਈ ਮੌਕੇ ਲੇਖਕ ਦੀ ਜਿੰਦਗੀ 'ਤੇ ਚਰਚਾ ਕੀਤੀ ਗਈ. ਇਸ ਦੌਰਾਨ ਗੋਰਾ ਹੁਸ਼ਿਆਰਪੁਰੀ ਨੇ ਕਿਤਾਬ 'ਚੋਂ ਕਈ ਕਵਿਤਾਵਾਂ ਵੀ ਸੁਣਾਈਆਂ.

ਅੰਧਵਿਸ਼ਵਾਸ ਨੂੰ ਚੀਰਦੀ ਕਵਿਤਾ

ਗੋਰਾ ਹੁਸ਼ਿਆਰਪੁਰੀ ਸ਼ੁਰੂ ਤੋਂ ਹੀ ਅੰਸ਼ਵਿਸ਼ਵਾਸ ਦਾ ਵਿਰੋਧੀ ਰਿਹਾ ਹੈ. ਕਿਤਾਬ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਅੰਧ-ਸ਼ਰਧਾ 'ਤੇ ਚੋਟ ਕਰਦੀਆਂ ਹਨ. ਕਵਿਤਾ ਵਿੱਚ ਇੱਕ ਥਾਂ ਲੇਖਕ ਸਮਾਜ 'ਚ ਪਸਰੇ ਬਾਬਾਵਾਦ ਬਾਰੇ ਲਿਖਦਾ ਹੈ,

“ਨਾਮਦਾਨ ਦਾ ਚੋਗਾ ਪਾਕੇ, ਕੰਨ ਵਿੱਚ ਦੇਂਦੇ ਕਹਿ.

ਹੁਣ ਤੂੰ ਸਾਡੇ ਜੋਗਾ ਰਹਿ, ਹੁਣ ਤੂੰ ਸਾਡੇ ਜੋਗਾ ਰਹਿ.”‘

ਕੁਦਰਤ' ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ‘‘

“ਅੱਖਾਂ ਬੰਦ ਕਰਕੇ ਕੁਦਰਤ ਦਾ ਨਾਂ ਜਪਣ ਦੀ ਲੋੜ ਨਹੀਂ,

ਕੁਦਰਤ ਨੂੰ ਤਾਂ ਅੱਖਾਂ ਖੋਲ੍ਹ ਕੇ ਸਮਝਣ ਦੀ ਲੋੜ ਹੈ.”

ਗੋਰਾ ਹੁਸ਼ਿਆਰਪੁਰੀ ਆਪਣੀ ਗੱਲ ਬਿਲਕੁਲ ਸਾਦੇ ਅੰਦਾਜ਼ ਵਿੱਚ ਕਹਿੰਦਾ ਹੈ ਤਾਂਕਿ ਆਮ ਬੰਦੇ ਨੂੰ ਸਮਝ ਆ ਸਕੇ. ਉਸ ਦੀ ਇੱਕ ਕਵਿਤਾ ਕਹਿੰਦੀ ਹੈ, ‘

“ਅਨਪੜ੍ਹ ਦਾ ਵਹਿਮੀ ਹੋਣਾ ਕੋਈ ਗੱਲ ਨਹੀਂ,

ਪੜ੍ਹੇ ਲਿਖੇ ਦਾ ਵਹਿਮੀ ਹੋਣਾ ਕੋਈ ਹੱਲ ਨਹੀਂ.”

ਗੋਰਾ ਮੰਨਦਾ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਣ ਤੋਂ ਪਹਿਲਾਂ ਇੱਕ ‘ਮਨੁੱਖ ਹੈ. ਧਾਰਮਿਕ ਕੱਟੜਤਾ 'ਤੇ ਉਹ ਇੱਕ ਥਾਂ ਲਿਖਦਾ ਹੈ, ‘‘

“ਮਨੁੱਖ ਦਾ ਅਸਲੀ ਦੁਸ਼ਮਣ ਤਾਂ ਮਨੁੱਖ ਹੀ ਹੈ,

ਜਿਹੜਾ ਉਸ ਨੂੰ ਜਾਤਾਂ-ਧਰਮਾਂ ਦੇ ਨਾਂ 'ਤੇ ਹੀ ਕਤਲ ਕਰ ਦਿੰਦੈ.”

ਗੋਰੇ ਨੂੰ ਧਰਮ ਦੇ ਨਾਂ 'ਤੇ ਦੇਸ਼ ਵਿੱਚ ਹੋ ਰਹੇ ਦੰਗੇ ਬਹੁਤ ਪ੍ਰੇਸ਼ਾਨ ਕਰਦੇ ਹਨ. ਉਸ ਦੀ ਇੱਕ ਕਵਿਤਾ ਕਹਿੰਦੀ ਹੈ, ‘‘

“ਜਿੱਥੇ ਭੀੜ ਹੁੰਦੀ ਹੈ, ਉੱਥੇ ਕੋਈ ਨਾ ਕੋਈ ਭਰਮ ਹੁੰਦੈ.”

ਰੋਮਾਂਸ ਦੇ ਨਾਲ-ਨਾਲ ਸਿਸਟਮ ਨੂੰ ਬਦਲਣ ਦੀ ਚੁਣੌਤੀ

ਗੋਰੇ ਦੀ ਕਵਿਤਾ ਵਿੱਚ ਰੋਮਾਂਸ ਵੀ ਹੈ ਅਤੇ ਸਿਸਟਮ ਨੂੰ ਬਦਲਣ ਦੀ ਚੁਣੌਤੀ ਵੀ. ਇੱਕ ਕਵਿਤਾ ਵਿੱਚ ਉਹ ਕਹਿੰਦਾ ਹੈ, ‘‘

“ਮੈਂ ਤੇਰੀ ਮੁਹੱਬਤ ਦਾ ਵਿਰੋਧੀ ਨਹੀਂ, ਮੇਰੀ ਸੋਚ ਨੂੰ ਐਨਾ ਜਜ਼ਬਾਤੀ ਨਾ ਬਣਾ,

ਕਿਉਂਕਿ ਅਕਸਰ ਮੇਰੀ ਚੁੱਪ ਕਿਸੇ ਯੁੱਗ ਪਲਟਾਊ ਕਵਿਤਾ ਦੀ ਭਾਲ 'ਚ ਹੁੰਦੀ ਹੈ.”

ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼

ਲੇਖਕ ਹੋਣ ਦੇ ਨਾਲ-ਨਾਲ ਗੋਰਾ ਵਾਤਾਵਰਣ ਪ੍ਰੇਮੀ ਵੀ ਹੈ. ਉਹ ਆਪਣੀਆਂ ਕਵਿਤਾਵਾਂ ਵਿੱਚ ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਾ ਵਿਅਕਤ ਕਰਦਾ ਹੈ. ‘‘ਜ਼ਹਿਰ’ ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ‘

“ਹਰ ਖੁਸ਼ੀ 'ਤੇ ਚਲਾ ਪਟਾਕੇ, ਘੋਲਣ ਜ਼ਹਿਰ ਹਵਾਵਾਂ ਵਿੱਚ.

ਬਿਰਧ ਤੇ ਪੰਛੀ ਦਹਿਲ ਜਾਂਦੇ ਨੇ, ਜਦੋਂ ਹੁੰਦਾ ਸ਼ੋਰ ਫਿਜ਼ਾਵਾਂ ਵਿੱਚ.”

‘ਨੌਜਵਾਨਾਂ ਨਾਲ ਸੰਵਾਦ’ ਨਾਮ ਦੀ ਕਵਿਤਾ ਉਸ ਨੇ ਸਤਾਹਟ ਪੇਜ਼ਾਂ 'ਚ ਲਿਖੀ ਹੈ ਜਿਸ ਵਿੱਚ ਇੱਕ ਨੌਜਵਾਨ ਮੁੰਡਾ ਤੇ ਕੁੜੀ ਜਿੰਦਗੀ ਨੂੰ ਜਿਊਣ ਬਾਰੇ ਗੱਲ ਕਰਦੇ ਹਨ. ਗੋਰਾ ਹੁਸ਼ਿਆਰਪੁਰੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੋਹਾਲੀ ਇਕਾਈ ਦੇ ਸੱਭਿਆਚਾਰਕ ਵਿੰਗ ਦਾ ਮੁਖੀ ਵੀ ਹੈ.