Hits: 1167

ਸਾਹਿਲ ਵੱਲੋਂ ਅੱਖਾਂ ਬੰਦ ਕਰਕੇ ਨੱਕ ਨਾਲ਼ ਸੁੰਘਕੇ ਪੜ੍ਹਨ ਦੇ ਦਾਆਵੇ ਦਾ ਪਰਦਾਫਾਸ

ਚਾਨਣ ਦੇ ਵਣਜਾਰਿਆਂ ਨੇ ਲੋਕਾਂ ਦੀਆਂ ਚੇਤਨਾਵਾਂ ਨੂੰ ਕੀਤਾ ਰੋਸ਼ਨ

ਰਿਪੋਰਟ: ਅਜਾਇਬ ਜਲਾਲਆਣਾ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਸਮਾਜ ਅੰਦਰ ਵਾਪਰਦੇ ਅੰਧਵਿਸ਼ਵਾਸ਼ੀ ਅਤੇ ਗੈਰ ਵਿਗਿਆਨਕ ਵਰਤਾਰਿਆਂ ਬਾਰੇ ਆਮ ਲੋਕਾਂ ਨੂੰ ਲਗਾਤਾਰ ਜਾਗਰੁਕ ਕਰਦੀ ਆ ਰਹੀ ਹੈ. ਤਾਂ ਕਿ ਚਲਾਕੀ ਕਰਕੇ, ਭਰਮ ਫੈਲਾਕੇ ਕਿਸੇ ਬੱਚੇ ਜਾਂ ਆਮ ਨਾਗਰਿਕ ਨੂੰ ਕੋਈ ਗੁਮਰਾਹ ਨਾ ਕਰ ਸਕੇ. ਤਰਕਸ਼ੀਲ ਸੁਸਾਇਟੀ ਪੰਜਾਬ ਭਾਰਤ ਦੇ ਸੰਵਿਧਾਨ ਦੇ ਅਨੁਛੇਦ 51 ਏ ਅਤੇ ਹੋਰਨਾਂ ਕਨੂੰਨਾਂ, ਨਿਯਮਾਂ ਦੇ ਤਹਿਤ ਲੋਕਾਂ ਦਾ ਨਜ਼ਰੀਆ ਵਿਗਿਆਨਿਕ ਬਣਾਉਣ ਦਾ ਕੰਮ ਲਗਾਤਾਰ ਕਰਦੀ ਆ ਰਹੀ ਹੈ. ਸਮੇਂ-ਸਮੇਂ ਤੇ ਸੁਸਾਇਟੀ ਵੱਲੋਂ ਬ੍ਰੇਨਪੀਡੀਆ (ਅੱਖਾਂ ਤੇ ਪੱਟੀ ਬੰਨ੍ਹਕੇ ਨੱਕ ਨਾਲ਼ ਸੁੰਘਕੇ ਪੜ੍ਹਣ) ਦਾ ਪਰਦਾਫ਼ਾਸ਼ ਕਰਦੀ ਆਈ ਹੈ. ਜਿਵੇਂ ਮੰਡੀ ਡੱਬਵਾਲੀ, ਉਕਲਾਣਾ, ਜਲੰਧਰ ਆਦਿ ਸ਼ਹਿਰਾਂ ਵਿਚ ਬਾਖ਼ੂਬੀ ਇਹ ਸਚਾਈ ਲੋਕਾਂ ਸਾਮ੍ਹਣੇ ਪ੍ਰਤੱਖ ਲਿਆਂਦੀ ਗਈ. ਜੀਵ ਵਿਗਿਆਨ ਦੇ ਨਿਯਮ ਤਹਿਤ ਸੁਸਾਇਟੀ ਮੰਨਦੀ ਹੈ ਕਿ ਕੋਈ ਵੀ ਇਨਸਾਨ ਅੱਖਾਂ ਬੰਦ ਕਰਕੇ ਨਹੀਂ ਪੜ੍ਹ ਸਕਦਾ. ਜੇ ਉਹ ਪੜ੍ਹ ਵੀ ਲੈਂਦਾ ਹੈ ਤਾਂ ਸ਼ਰਤੀਆ ਉਸਨੂੰ ਅੱਖਾਂ ਤੋਂ ਹੀ ਦਿਸ ਰਿਹਾ ਹੁੰਦਾ ਹੈ. ਵਰਨਾ ਮਨੁੱਖ ਦੇ ਸ਼ਰੀਰ ਦਾ ਕੋਈ ਵੀ ਹੋਰ ਅੰਗ/ਹਿੱਸਾ ਕਿਸੇ ਯੋਗ ਵਿਧੀ/ਦੈਵੀ ਸ਼ਕਤੀ ਨਾਲ਼ ਵੇਖਣ ਦੇ ਯੋਗ ਨਹੀਂ ਹੁੰਦਾ.

ਸੁਸਾਇਟੀ ਦੀਆਂ 23 ਸ਼ਰਤਾਂ ਤੋਂ ਇਲਾਵਾ ਇਹ ਸ਼ਰਤ ਵੀ ਹੈ ਕਿ ਕੋਈ ਅੱਖਾਂ ਬੰਦ ਕਰਕੇ ਨੱਕ ਨਾਲ਼ ਸੁੰਘਕੇ ਪੜ੍ਹਨ ਦਾ ਦਾਅਵਾ ਕਰਦਾ ਹੈ, ਤਾਂ ਸੁਸਾਇਟੀ ਵੱਲੋਂ ਪਰਖ-ਪੜਤਾਲ ਕਰਨ ਤੋਂ ਬਾਅਦ ਜੇਕਰ ਉਹ ਵੇਖਣ 'ਚ ਸਫ਼ਲ ਹੁੰਦਾ ਹੈ, ਤਾਂ ਉਸਨੂੰ 5 ਲੱਖ ਇਨਾਮ ਦੇਣ ਦਾ ਵਾਅਦਾ ਕਰਦੀ ਹੈ. ਇਸੇ ਤਰਾਂ ਦੀ ਇੱਕ ਖ਼ਬਰ 8 ਮਾਰਚ ਨੂੰ ਸਿਰਸਾ ਜਿਲ੍ਹਾ ਦੇ ਅਖਬਾਰਾਂ ਵਿੱਚ ਲੱਗੀ ਸੀ. ਜਿਸ ਵਿਚ ਹਰਿਆਣਾ ਦੇ ਸਿਰਸਾ ਜਿਲ੍ਹਾ ਦੇ ਪਿੰਡ ਛਤਰੀਆਂ ਰਾਜਿੰਦਰਾ ਸਕੂਲ ਦਾ ਵਿਦਿਆਰਥੀ ਸਾਹਿਲ ਵੱਲੋਂ ਅੱਖਾਂ ਬੰਦ ਕਰਕੇ ਨੱਕ ਨਾਲ਼ ਸੁੰਘਕੇ ਪੜ੍ਹਨ ਕਰਕੇ ਉਸਨੂੰ  ਏਸ਼ੀਆ ਬੁੱਕ ਆਫ਼ ਰਿਕਾਰਡ ਵੱਲੋਂ 26 ਸੈਕਿੰਡ ਵਿੱਚ ਤਾਸ਼ ਦੇ ਸਾਰੇ ਪੱਤੇ ਪਹਿਚਾਣ ਲੈਣ ਕਰਕੇ ਪੂਰੇ ਏਸ਼ੀਆ 'ਚੋਂ ਪਹਿਲਾ ਇਨਾਮ ਦਿੱਤਾ ਗਿਆ ਅਤੇ ਹਰਿਆਣੇ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੋਇਆ ਲਿਖਿਆ ਸੀ.

ਇਸ ਖ਼ਬਰ ਦਾ ਨੋਟਿਸ ਲੈਂਦਿਆਂ ਤਰਕਸ਼ੀਲ ਇਕਾਈ ਕਾਲਾਂਵਾਲੀ ਵੱਲੋਂ ਇੱਕ ਮੀਟਿੰਗ ਕਰਕੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿ ਕੋਈ ਅੱਖ ਬੰਦ ਕਰਕੇ ਨਹੀਂ ਪੜ੍ਹ ਸਕਦਾ ਜੇ ਉਹ ਵਿਦਿਆਰਥੀ ਤਰਕਸ਼ੀਲਾਂ ਸਾਮ੍ਹਣੇ ਇਹ ਕਰਤਵ ਕਰਕੇ ਵਿਖਾਉਂਦਾ ਹੈ ਤਾਂ 5 ਲੱਖ ਦਾ ਇਨਾਮ ਦਿੱਤਾ ਜਾਵੇਗਾ. ਇਹ ਚੈਲੇੰਜ ਉਸ ਵਿਦਿਆਰਥੀ ਦੇ ਮਾਪਿਆਂ ਨੇ ਕਾਲਾਂਵਾਲੀ ਸੁਸਾਇਟੀ ਦੇ ਦਫ਼ਤਰ ਆਕੇ ਨਾਲ਼ ਪਿੰਡ ਦੇ ਸਰਪੰਚ ਅਤੇ ਹੋਰਨਾਂ ਮੋਹਤਬਰਾਂ ਸਾਮ੍ਹਣੇ ਕਬੂਲ ਕੀਤਾ ਅਤੇ ਸੁਸਾਇਟੀ ਦੀਆਂ ਸ਼ਰਤਾਂ ਵੀ ਮੰਨੀਆਂ. ਭਾਵੇਂ ਮੌਕੇ ਤੇ ਉਹ ਇਹਨਾਂ ਸ਼ਰਤਾਂ ਤੋਂ ਪਿੱਛੇ ਹਟਦੇ ਵੇਖੇ ਗਏ. ਖੈਰ ਥੋੜ੍ਹੇ ਸਮੇਂ 'ਚ ਹੀ ਸੂਬਾ ਕਮੇਟੀ ਨੂੰ ਵਿਸ਼ਵਾਸ਼ ਵਿਚ ਲੈਕੇ 14 ਮਾਰਚ ਦਾ ਦਿਨ ਪਿੰਡ ਵੱਡਾਗੁੜਾ ਜਿਲ੍ਹਾ ਸਿਰਸਾ ਹਰਿਆਣਾ ਦਾ ਪੰਚਾਇਤ ਘਰ ਤੈਅ ਹੋ ਗਿਆ.

ਨਿਸ਼ਚਿਤ ਸਮੇਂ ਤੇ ਸੂਬਾ ਕਮੇਟੀ ਮੁਖੀ ਰਾਜਿੰਦਰ ਭਦੌੜ ਦੀ ਅਗੁਵਾਈ 'ਚ, ਸੂਬਾ ਮੀਡੀਆ ਮੁਖੀ ਅਜਾਇਬ ਜਲਾਲਆਣਾ, ਜਸਵੰਤ ਬੋਪਾਰਾਏ, ਗੁਰਪ੍ਰੀਤ ਸਹਿਣਾ, ਇਕਾਈ ਭਦੌੜ ਤੋਂ ਕੁਲਦੀਪ, ਬਠਿੰਡਾ ਇਕਾਈ ਤੋਂ ਹਾਕਮ ਸਿੰਘ, ਕੁਲਵੰਤ ਸਿੰਘ ਦੀ ਪੂਰੀ ਟੀਮ, ਮੌੜ ਤੋਂ ਹਰਦੀਪ ਸਿੰਘ ਦੀ ਟੀਮ, ਡੱਬਵਾਲੀ ਇਕਾਈ ਤੋਂ ਜਗਤਾਰ ਸਿੰਘ ਸਿੰਘੇਵਾਲਾ ਦੀ ਟੀਮ ਤੋਂ ਇਲਾਵਾ ਕਾਲਾਂਵਾਲੀ ਇਕਾਈ ਦੀ ਸਮੁੱਚੀ ਟੀਮ ਸ਼ਮਸ਼ੇਰ ਚੋਰਮਾਰ ਦੀ ਅਗੁਵਾਈ 'ਚ ਲੀਡ ਕਰ ਰਹੀ ਸੀ. 12 ਵਜ਼ੇ ਦੇ ਕਰੀਬ ਤਰਕਸ਼ੀਲ ਟੀਮ ਨੇ ਆਪਣੀ ਯੋਜਨਾਂ ਮੁਤਾਬਿਕ ਸਟੇਜ਼ ਚਲਾ ਲਈ ਸੀ. ਲੋਕਾਂ ਦਾ ਭਾਰੀ ਇਕੱਠ ਜੁੜਿਆ ਹੋਇਆ ਸੀ. ਵਿਦਿਆਰਥੀ ਦੇ ਮਾਪਿਆਂ ਵੱਲੋਂ ਆਪਣੀ ਜਿਦ ਕਰਕੇ ਲੋਕਾਂ ਨੂੰ ਆਉਣ ਲਈ ਸੋਸ਼ਲ ਮੀਡੀਏ ਤੇ ਪਹਿਲਾਂ ਹੀ ਪ੍ਰਚਾਰ ਕੀਤਾ ਗਿਆ ਸੀ. ਮੰਚ ਸੰਚਾਲਣ ਕਰਦੇ ਹੋਏ ਸ਼ਮਸ਼ੇਰ ਚੋਰਮਾਰ ਨੇ ਉਥੇ ਜੁੜੇ ਲੋਕਾਂ ਨੂੰ ਇਸ ਘਟਨਾ ਕ੍ਰਮ ਦੀ ਵਿਸਤਾਰ 'ਚ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਨਾਲ਼ ਹੀ ਸੁਸਾਇਟੀ ਦੇ ਕੰਮ ਤੇ ਸ਼ਰਤਾਂ ਬਾਰੇ ਦੱਸਿਆ ਗਿਆ. ਓਥੇ ਮੌਜੂਦ ਲੋਕਾਂ ਵਿਚੋਂ ਇੱਕ ਰਿਟਾਇਰ ਮੁਲਾਜ਼ਿਮ ਅਤੇ ਆਸ-ਪਾਸ ਦੇ 5 ਪਿੰਡਾਂ ਦੇ ਮੌਜੂਦਾ ਤੇ ਸਾਬਕਾ ਸਰਪੰਚਾਂ ਦੀ ਇੱਕ ਜੱਜਮੈਂਟ ਕਮੇਟੀ ਦਾ ਗਠਨ ਆਮ ਲੋਕਾਂ ਤੋਂ ਮਤਾ ਪੁਆਕੇ ਕੀਤਾ ਗਿਆ. ਰਾਜਿੰਦਰ ਭਦੌੜ ਨੇ ਆਪਣੇ ਵਿਚਾਰ ਅਤੇ ਜਾਦੂ ਦੇ ਟ੍ਰਿਕ ਵਿਖਾਉਂਦਿਆ ਕਿਹਾ ਕਿ ਸਾਡਾ ਕਿਸੇ ਬੱਚੇ ਜਾਂ ਪਰਿਵਾਰ ਨਾਲ਼ ਕੋਈ ਨਿੱਜੀ ਵੈਰ, ਵਿਰੋਧ ਨਹੀਂ ਸਗੋਂ ਗੈਰਵਿਗਿਆਨਿਕ, ਅੰਧਵਿਸ਼ਵਾਸੀ ਵਰਤਾਰੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਆਮ ਲੋਕਾਂ ਸਾਹਮਣੇ ਨੰਗਾ ਕਰਨਾ ਹੈ, ਕਿਉਂਕਿ ਆਏ ਦਿਨ ਕੁੱਝ ਚਾਲਬਾਜ਼ ਲੋਕ ਅਜਿਹੇ ਭਰਮ ਫੈਲਾਕੇ ਬੱਚਿਆਂ ਅਤੇ ਮਾਪਿਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਨ ਕਰਦੇ ਹਨ. ਅੱਜ ਅਸੀਂ ਤੁਹਾਨੂੰ ਇਸ ਵਰਤਾਰੇ ਤੋਂ ਜਾਗਰੂਕ ਕਰਨ ਆਏ ਹਾਂ.

ਇਸੇ ਸਮੇਂ ਇੱਕ ਘੰਟਾ ਪਛੜਕੇ ਵਿਦਿਆਰਥੀ ਦੇ ਮਾਪੇ ਅਤੇ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਹਨ ਜੋ ਆਉਣ ਸਾਰ ਤੈਅ ਸ਼ਰਤਾਂ ਤੋਂ ਮੁਕਰਨ ਅਤੇ ਤਰਾਂ ਤਰਾਂ ਦੇ ਬਹਾਨੇ ਬਣਾਉਣ ਲੱਗਦੇ ਹਨ, ਕਦੀ ਉਹ ਕਹਿੰਦੇ ਸਾਡਾ ਵਿਦਿਆਰਥੀ ਕਿਤਾਬ ਦੀਆਂ ਦੋ ਲਾਈਨਾਂ ਨਹੀਂ ਤਾਸ਼ ਦਾ ਪੱਤਾ ਹੀ ਪੜ੍ਹੇਗਾ, ਕਦੀ ਕਹਿੰਦੇ ਸਾਧਾਰਨ ਪੱਟੀ ਬੰਨ੍ਹੋ ਕਦੀ ਕਹਿੰਦੇ ਤੈਰਾਕੀ ਵਾਲ਼ੀ ਐਨਕ ਤੇ ਕੋਈ ਕੈਮੀਕਲ ਲੱਗਿਆ ਹੈ ਜਿਸ ਨਾਲ਼ ਸਾਡੇ ਬੱਚੇ ਦੀ ਅੱਖ ਖ਼ਰਾਬ ਹੋ ਜਾਵੇਗੀ ਆਦਿ. ਪਰ ਫੇਰ ਵੀ ਜੱਜਮੈਂਟ ਕਮੇਟੀ ਤੇ ਤਰਕਸ਼ੀਲ ਟੀਮ ਦੀ ਸਹਿਮਤੀ ਤੇ ਤਾਸ਼ ਦੇ ਪੱਤੇ ਨੂੰ ਹੀ ਪਹਿਚਾਨਣ ਤੇ ਅੱਖਾਂ ਤੇ ਰੁਮਾਲ ਰੱਖਕੇ ਐਨਕ ਨਾਲ਼ ਹੀ ਅੱਖ ਬੰਦ ਕਰਨ ਦੀ ਗੱਲ ਸਿਰੇ ਚੜ੍ਹੀ. ਸੁਸਾਇਟੀ ਦੀਆਂ ਸ਼ਰਤਾਂ/ਮਤੇ ਤੇ ਮਾਪਿਆਂ ਵੱਲੋਂ ਬਕਾਇਦਾ ਹਸਤਾਖਰ ਕੀਤੇ ਗਏ ਅਤੇ ਉਹਨਾਂ ਵੱਲੋਂ 10 ਹਜ਼ਾਰ ਰੁ ਜਮਾਨਤ ਰਾਸ਼ੀ ਵੀ ਜਮਾਂ ਕਰਵਾਈ ਗਈ ਸੁਸਾਇਟੀ ਵੱਲੋਂ ਜੱਜਮੈਂਟ ਕਮੇਟੀ ਕੋਲ਼ 5 ਲੱਖ ਦਾ ਚੈਕ ਜਮਾਂ ਕਰਵਾਇਆ ਗਿਆ.

ਅੱਖ ਬੰਦ ਕਰਨ ਲਈ ਸਿਰਫ਼ ਤਿੰਨ ਮੈਂਬਰਾਂ ਦੀ ਡਿਊਟੀ ਮੁਤਾਬਿਕ ਜਦ ਵਿਦਿਆਰਥੀ ਦੀ ਅੱਖ ਉਪਰ ਰੁਮਾਲ ਰੱਖਕੇ ਐਨਕ ਲਾਉਣੀ ਚਾਹੀ ਉਸਨੇ ਸ਼ੁਰੂ 'ਚ ਹੀ ਆਪਣੇ ਹੱਥਾਂ ਨਾਲ਼ ਪੱਟੀ ਹਟਾ ਦਿੱਤੀ ਜਦਕਿ ਪਹਿਲਾਂ ਇਹ ਸ਼ਰਤ ਤੈਅ ਸੀ ਵਿਦਿਆਰਥੀ ਪੱਟੀ ਨੂੰ ਹੱਥ ਨਹੀਂ ਲਏਗਾ. ਇਸੇ ਦੌਰਾਨ ਉਸ ਵਿਦਿਆਰਥੀ ਦਾ ਟ੍ਰੇਨਰ ਜੋ ਨਾਲ਼ ਹੀ ਸੀ ਨੇ ਉਸਨੂੰ ਬਾਂਹ ਫੜਕੇ ਕੁਰਸੀ ਤੋਂ ਉਠਾਕੇ ਇਹ ਕਹਿਕੇ ਪਾਸੇ ਲੈ ਗਿਆ ਵਿਦਿਆਰਥੀ ਨੂੰ 10 ਮਿੰਟ ਦਾ ਟਾਈਮ ਦਿਓ. ਕਹਿੰਦਾ ਬੱਚਾ ਘਬਰਾ ਗਿਆ ਹੈ ਇਹ ਕਹਿਣ ਤੇ ਤਰਕਸ਼ੀਲਾਂ ਨੇ ਉਸਨੂੰ ਕਿਹਾ ਗਿਆ ਜਦ ਇਸਨੂੰ ਅੱਖ ਬੰਦ ਕਰਕੇ ਪੜ੍ਹਨ ਦੀ ਸਿਖਲਾਈ ਤੂੰ ਹੀ ਦਿੱਤੀ ਹੈ ਤਾਂ ਆਜਾ ਬੈਠ ਕੁਰਸੀ ਤੇ ਇਹ ਇਮਤਿਹਾਨ ਤੂੰ ਦੇਦੇ ਇਹ ਸੁਣਦਿਆਂ ਉਹ ਵੀ ਓਥੋਂ ਨੌਂ ਦੋ ਗਿਆਰਾਂ ਹੋ ਗਿਆ ਫੇਰ ਉਹ ਓਥੇ ਮੁੜ ਨਹੀਂ ਦਿਸਿਆ.

ਜੱਜਮੈਂਟ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਬੁਲਾਇਆ ਗਿਆ ਉਹ ਦੂਰ ਬੈਠੇ ਹੋਰ ਬਹਾਨੇ ਬਣਾਉਂਦੇ ਰਹੇ, ਕਹਿੰਦੇ ਸਾਡਾ ਬੱਚਾ ਘਬਰਾ ਗਿਆ ਭੀੜ ਜ਼ਿਆਦਾ ਸੀ ਜਦਕਿ ਇਸ ਤੋਂ ਪਹਿਲਾਂ ਉਹ ਹਜਾਰਾਂ ਦੀ ਭੀੜ 'ਚ ਆਪਣੇ ਪ੍ਰਦਰਸ਼ਨ ਕਰਦਾ ਰਿਹਾ ਹੈ ਤੇ ਫੇਰ ਤਰਕਸ਼ੀਲਾਂ ਮੂਹਰੇ ਕਿਉਂ ਨਹੀਂ ਕਰ ਸਕਿਆ? ਭੀੜ ਵੀ ਉਹਨਾਂ ਆਪ ਹੀ ਇਕੱਠੀ ਕਰੀ ਸੀ. ਆਖਿਰ ਉਹ ਪੂਰਾ ਪਰਿਵਾਰ ਆਪਣੀਆਂ ਗੱਡੀਆਂ ਚੜ੍ਹ ਉਥੋਂ ਵਾਪਿਸ ਘਰ ਚਲੇ ਗਏ. ਉਹ ਘਰ ਜਾਕੇ ਆਪਣੇ ਸਮਰਥਕਾਂ ਕੋਲ਼ ਫ਼ੋਨ ਕਰਕੇ ਕਹਿੰਦੇ ਅਸੀਂ 5 ਜਣਿਆਂ ਦੀ ਹਾਜਰੀ 'ਚ ਪ੍ਰਦਰਸ਼ਨ ਕਰ ਦੇਵਾਂਗੇ. ਇਹ ਗੱਲ ਜਦ ਤਰਕਸ਼ੀਲਾਂ ਨੂੰ ਦੱਸੀ ਤਾਂ ਬੜੀ ਖੁਸ਼ੀ ਨਾਲ਼ ਸਵੀਕਾਰ ਕੀਤੀ. ਜਦ ਇਹ ਸੂਚਨਾ ਉਸ ਪਰਿਵਾਰ ਕੋਲ਼ ਪਹੁੰਚਾਈ ਕਿ ਆ ਜਾਓ 5 ਨਹੀਂ ਤਿੰਨ ਮੈਂਬਰ ਹੀ ਹੋਣਗੇ. ਉਹ ਫਿਰ ਟਾਲ਼ਾ ਵੱਟਕੇ ਕਹਿੰਦੇ ਇੱਕ ਤਰਕਸ਼ੀਲ ਨੂੰ ਸਾਡੇ ਘਰ ਲੈ ਆਵੋ. ਇਹ ਸੁਣ ਪਰਖਕੇ ਉਹਨਾਂ ਦੇ ਕੱਟੜ ਸਮਰਥਕ ਵੀ ਹੁਣ ਸਚਾਈ ਦੇ ਰੂਬਰੂ ਹੋ ਚੁਕੇ ਸਨ. ਜੱਜਮੈਂਟ ਕਮੇਟੀ ਨੇ ਉਹਨਾਂ ਨੂੰ ਅੱਧੇ ਘੰਟੇ ਤੱਕ ਆਉਣ ਦੀ ਚਿਤਾਵਨੀ ਤੇ ਵੀ ਨਾ ਆਉਣ ਤੇ ਲਿਖਿਤ ਰੂਪ 'ਚ ਸਹਿਮਤੀ ਨਾਲ਼ 10 ਹਜ਼ਾਰ ਰੁਪਏ ਦੀ ਜਮਾਨਤ ਰਾਸ਼ੀ ਅਤੇ 5 ਲੱਖ ਦਾ ਚੈਕ ਤਰਕਸ਼ੀਲਾਂ ਹਵਾਲੇ ਕਰ ਦਿੱਤਾ. ਇੰਝ ਅੰਧਵਿਸ਼ਵਾਸੀ ਵਰਤਾਰੇ ਰੂਪੀ ਹਨੇਰ ਨੂੰ ਮੈਦਾਨ ਛੱਡਕੇ ਭੱਜਣਾ ਪਿਆ ਅਤੇ ਗਿਆਨ, ਵਿਗਿਆਨ ਰੂਪੀ ਚਾਨਣ ਨੇ ਓਥੇ ਹਾਜ਼ਿਰ ਲੋਕਾਂ ਦੀਆਂ ਚੇਤਨਾਵਾਂ ਨੂੰ ਰੁਸ਼ਨਾ ਦਿੱਤਾ.